ਗਿਆਨ ਦਾ ਭੰਡਾਰ ‘ਵਿਕੀਪੀਡੀਆ’ : The Tribune India
(Go: >> BACK << -|- >> HOME <<)

ਗਿਆਨ ਦਾ ਭੰਡਾਰ ‘ਵਿਕੀਪੀਡੀਆ’

ਗਿਆਨ ਦਾ ਭੰਡਾਰ ‘ਵਿਕੀਪੀਡੀਆ’

ਮੁਲਖ ਸਿੰਘ

ਅੱਜ ਸੂਚਨਾ ਅਤੇ ਗਿਆਨ ਦੇ ਸੁਮੇਲ ਰੂਪ ਵਿੱਚ ਵਿਕੀਪੀਡੀਆ ਸਭ ਤੋਂ ਵੱਧ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਆਨਲਾਈਨ ਵਿਸ਼ਵਕੋਸ਼ ਹੈ, ਜਿੱਥੇ ਦੁਨੀਆ ਦੀਆਂ ਬਹੁਤੀਆਂ ਭਾਸ਼ਾਵਾਂ ਵਿੱਚ ਤਕਰੀਬਨ ਹਰ ਵਿਸ਼ੇ ਦੀ ਮੁੱਢਲੀ ਜਾਣਕਾਰੀ ਮਿਲ ਜਾਂਦੀ ਹੈ। ਇਸ ਵਿਸ਼ਵਕੋਸ਼ ਦੀ ਵਿਸ਼ੇਸ਼ਤਾ ਹੈ ਕਿ ਅਨੇਕਾਂ ਸਵੈ-ਇੱਛਤ ਸੰਪਾਦਕਾਂ ਦੇ ਯੋਗਦਾਨ ਸਦਕਾ ਇਹ ਜਾਣਕਾਰੀ ਨਿੱਤ ਦਿਨ ਵਧਦੀ ਅਤੇ ਨਵੇਂ ਤੱਥਾਂ, ਘਟਨਾਵਾਂ ਨੂੰ ਹਵਾਲਿਆਂ, ਸਰੋਤਾਂ ਸਮੇਤ ਸੰਭਾਲਦੀ ਸੱਜਰੀ ਹੁੰਦੀ ਰਹਿੰਦੀ ਹੈ। ਇਸ ਦੀ ਇੱਕ ਮਿਸਾਲ ਇਸ ਤਰ੍ਹਾਂ ਦੇ ਸਕਦੇ ਹਾਂ ਕਿ ਕਿਸੇ ਵਿਗਿਆਨਕ ਬਾਰੇ ਕਾਗ਼ਜ਼ੀ ਰੂਪ ਵਿੱਚ ਕੋਈ ਲਿਖਤ ਛਪੀ ਹੋਈ ਹੈ। ਉਸ ਤੋਂ ਬਾਅਦ ਉਸ ਸ਼ਖਸ ਨੂੰ ਕੋਈ ਕੌਮਾਂਤਰੀ ਸਨਮਾਨ ਮਿਲਦਾ ਹੈ। ਇਹ ਨਵੀਂ ਜਾਣਕਾਰੀ ਪਾਠਕਾਂ ਤੱਕ ਪਹੁੰਚਾਉਣ ਲਈ ਲਿਖਤ ਦੇ ਨਵੇਂ ਸੰਸਕਰਨ ਦੀ ਲੋੜ ਪਵੇਗੀ ਪਰ ਵਿਕੀਪੀਡੀਆ ’ਤੇ ਉਸ ਸ਼ਖ਼ਸੀਅਤ ਬਾਰੇ ਬਣੇ ਸਫੇ ’ਤੇ ਸਨਮਾਨ ਮਿਲਣ ਦੀ ਪਹਿਲੀ ਭਰੋਸੇਮੰਦ ਖ਼ਬਰ ਨਾਲ ਹੀ ਨਵਾਂ ਭਾਗ ਜੋੜਿਆ ਜਾ ਸਕੇਗਾ। ਇਸ ਅਖ਼ਬਾਰੀ ਖ਼ਬਰ ਨੂੰ ਹਵਾਲੇ ਵਜੋਂ ਵਰਤ ਕੇ ਲੇਖ ਨਾਲ ਨੱਥੀ ਕਰ ਦਿੱਤਾ ਜਾਏਗਾ ਤਾਂ ਕਿ ਪਾਠਕ ਹਵਾਲਾ ਸਰੋਤ ਦੀ ਪੜਤਾਲ ਕਰਕੇ ਨਿੱਕੇ ਤੋਂ ਨਿੱਕਾ ਵੇਰਵਾ ਦੇਖ ਸਕਣ ਦੇ ਸਮਰੱਥ ਹੋ ਸਕਣ। ਵਿਕੀਪੀਡੀਆ ਇੱਕ ਬਹੁ-ਭਾਸ਼ਾਈ ਆਨਲਾਈਨ ਵਿਸ਼ਵਕੋਸ਼ ਹੈ ਅਤੇ ਇਹ ਪ੍ਰਾਜੈਕਟ ਵਿਕੀ-ਅਧਾਰਤ ਸੰਪਾਦਨ ਪ੍ਰਣਾਲੀ ਦੀ ਵਰਤੋਂ ਕਰਦਿਆਂ ਵਾਲੰਟੀਅਰ ਸੰਪਾਦਕਾਂ ਦੇ ਸਮੂਹ ਦੁਆਰਾ ਖੁੱਲ੍ਹੇ ਯੋਗਦਾਨ ਦੇ ਤੌਰ ਵਿਕਸਤ ਕੀਤਾ ਤੇ ਬਣਾਈ ਰੱਖਿਆ ਗਿਆ ਹੈ। ਇਹ ਵਰਲਡ ਵਾਈਡ ਵੈੱਬ ’ਤੇ ਸਭ ਤੋਂ ਵੱਡਾ ਅਤੇ ਸਭ ਤੋਂ ਮਸ਼ਹੂਰ ਆਮ ਹਵਾਲਾ ਕੰਮ ਹੈ ਅਤੇ ਅਕਤੂਬਰ 2019 ਤੱਕ ਇੰਟਰਨੈਟ ਸਾਈਟਾਂ ਦੀ ਦਰਜਾਬੰਦੀ ਕਰਨ ਵਾਲੀ ਕੌਮਾਂਤਰੀ ਸੰਸਥਾ ‘ਅਲੈਕਸਾ’ ਦੁਆਰਾ ਦਰਜਾ ਪ੍ਰਾਪਤ ਸਭ ਤੋਂ ਪ੍ਰਸਿੱਧ ਵੈੱਬਸਾਈਟਾਂ ਵਿੱਚੋਂ ਇੱਕ ਹੈ। ਇਸ ਦੀ ਵਿਸ਼ੇਸ਼ਤਾ ਮੁਫ਼ਤ ਸਮੱਗਰੀ ਹੈ ਅਤੇ ਇਸ ਵਿੱਚ ਵਪਾਰਕ ਵਿਗਿਆਪਨ ਨਹੀਂ ਹੁੰਦੇ। ਇਹ ਗ਼ੈਰ-ਮੁਨਾਫ਼ਾ ਸੰਗਠਨ ਵਿਕੀਮੀਡੀਆ ਫਾਊਂਡੇਸ਼ਨ ਦੀ ਮਾਲਕੀ ਅਤੇ ਸਹਾਇਤਾ ਪ੍ਰਾਪਤ ਹੈ ਅਤੇ ਮੁੱਖ ਤੌਰ ’ਤੇ ਦਾਨ ਕੀਤੀ ਰਕਮ ਸਹਾਰੇ ਚਲਦਾ ਹੈ। ਰਕਮ ਦਾ ਵੱਡਾ ਹਿੱਸਾ ਡਾਟਾ ਅਪਲੋਡ ਕਰਨ ਲਈ ਸਪੈਕਟਰਮ ਖਰੀਦਣ ਅਤੇ ਘੱਟ ਵਿਕਸਤ ਭਾਸ਼ਾਵਾਂ ਲਈ ਸਹੂਲਤਾਂ ਮੁਹੱਈਆ ਕਰਨ ’ਤੇ ਖਰਚ ਹੁੰਦਾ ਹੈ। ਵਿਕੀਪੀਡੀਆ 15 ਜਨਵਰੀ 2001 ਨੂੰ ਜਿੰਮੀ ਵੇਲਸ ਅਤੇ ਲੈਰੀ ਸੈਂਗਰ ਦੁਆਰਾ ਲਾਂਚ ਕੀਤਾ ਗਿਆ। ਲੈਰੀ ਸੈਂਗਰ ਨੇ ਇਸਦਾ ਨਾਮ ਤਜ਼ਵੀਜ ਕੀਤਾ। ਇਹ ਦੋ ਸ਼ਬਦਾਂ ਦੇ ਮੇਲ ਤੋਂ ਬਣਾਇਆ ਗਿਆ । ਹਵਾਈ ਭਾਸ਼ਾ ਦੇ ਸ਼ਬਦ ‘ਵਿਕੀ’ (ਤੇਜ਼), ਅਤੇ ‘ਇਨਸਾਈਕਲੋਪੀਡੀਆ’ ਦੇ ਛੋਟੇ ਰੂਪ ਵਿੱਚ ‘ਪੀਡੀਆ’ ਤੋਂ ਹੈ। ਸ਼ੁਰੂ ਵਿੱਚ ਇਹ ਅੰਗਰੇਜ਼ੀ ਭਾਸ਼ਾ ਦਾ ਵਿਸ਼ਵਕੋਸ਼ ਸੀ ਪਰ ਦੂਜੀਆਂ ਭਾਸ਼ਾਵਾਂ ਦੇ ਸੰਸਕਰਨਾਂ ਨੂੰ ਛੇਤੀ ਹੀ ਵਿਕਸਤ ਕਰ ਲਿਆ ਗਿਆ। ਘੱਟੋ ਘੱਟ 5,970,662 ਲੇਖਾਂ ਦੇ ਨਾਲ ਅੰਗਰੇਜ਼ੀ ਵਿਕੀਪੀਡੀਆ, ਇਸ ਦੇ 290 ਤੋਂ ਵੱਧ ਹੋਰਨਾਂ ਵਿਕੀਪੀਡੀਆ ਵਿਸ਼ਵਕੋਸ਼ਾਂ ਵਿੱਚੋਂ ਸਭ ਤੋਂ ਵੱਡਾ ਹੈ। ਕੁਲ ਮਿਲਾ ਕੇ, ਵਿਕੀਪੀਡੀਆ ਵਿੱਚ 301 ਵੱਖ ਵੱਖ ਭਾਸ਼ਾਵਾਂ ਵਿੱਚ 40 ਮਿਲੀਅਨ ਤੋਂ ਵੱਧ ਲੇਖ ਸ਼ਾਮਲ ਹਨ। ਪੰਜਾਬੀ ਵਿਕੀਪੀਡੀਆ, ਵਿਕੀਪੀਡੀਆ ਦਾ ਪੰਜਾਬੀ ਰੂਪ ਅਤੇ ਇੱਕ ਆਜ਼ਾਦ ਗਿਆਨਕੋਸ਼ ਹੈ। ਇਸਦੀ ਵੈੱਬਸਾਇਟ 3 ਜੂਨ 2002 ਨੂੰ ਹੋਂਦ ਵਿੱਚ ਆਈ ਸੀ। ਪਰ ਇਸ ਦੇ ਸਭ ਤੋਂ ਪਹਿਲੇ ਤਿੰਨ ਲੇਖ ਅਗਸਤ 2004 ਵਿੱਚ ਲਿਖੇ ਗਏ। ਨਵੰਬਰ 2019 ਮੁਤਾਬਿਕ ਇਸ ਵਿਕੀਪੀਡੀਆ ’ਤੇ 32,717 ਲੇਖ ਸਨ ਅਤੇ ਇਸ ਦੇ ਕੁੱਲ 30,492 ਦਰਜ਼ (ਰਜਿਸਟਰ) ਵਰਤੋਂਕਾਰਾਂ ਨੇ ਕੁੱਲ 4,97,064 ਫੇਰ-ਬਦਲ ਕੀਤੇ ਸਨ। ਪਿਛਲੇ ਕੁਝ ਸਮੇਂ ਤੋਂ ਪੰਜਾਬੀ ਵਿਕੀਪੀਡੀਆ ਨੇ ਕਾਫੀ ਤਰੱਕੀ ਕੀਤੀ ਹੈ। ਵਿਕੀਪੀਡੀਆ ਦੇ ਸਫਿਆਂ ਦੀ ਗਿਣਤੀ ਹਰ ਦਿਨ ਵਧ ਰਹੀ ਹੈ ਤੇ ਪਹਿਲਾਂ ਬਣੇ ਹੋਏ ਸਫਿਆਂ ਵਿੱਚ ਮਾਤਰਾਤਮਕ ਅਤੇ ਗੁਣਾਤਮਿਕ ਪੱਖ ਤੋਂ ਵਾਧਾ ਹੋ ਰਿਹਾ ਹੈ। ਇਸ ’ਤੇ ਕੋਈ ਵੀ ਲੇਖ ਸਿੱਧੀ ਖੋਜ ਰਾਹੀਂ ਲੱਭਿਆ ਜਾ ਸਕਦਾ ਹੈ ਜਾਂ ਕਿਸੇ ਸਫੇ ਤੋਂ ਲਿੰਕ (ਨੀਲੇ ਰੰਗ ਦੇ ਸ਼ਬਦਾਂ ਵਾਲੇ, ਨਾਲ ਜੁੜੇ ਹੋਏ ਲੇਖ) ਰਾਹੀਂ ਦੂਜੇ ਸਫੇ ’ਤੇ ਪਹੁੰਚਿਆ ਜਾ ਸਕਦਾ ਹੈ। ਹਰ ਸਫਾ ਦੂਜੇ ਬਹੁਤ ਸਾਰੇ ਸਫਿਆਂ ਨਾਲ ਜੁੜਿਆ ਹੁੰਦਾ ਹੈ। ਸਾਰੇ ਲੇਖ ਹਵਾਲਿਆਂ ਸਮੇਤ ਜਾਣਕਾਰੀ ਮੁਹੱਈਆ ਕਰਵਾਉਂਦੇ ਹਨ। ਵਿਕੀਪੀਡੀਆ ਸੰਪਾਦਨ ਨੀਤੀ ਅਨੁਸਾਰ ਕੋਈ ਗੱਲ ਪੁਖ਼ਤਾ ਸਬੂਤ/ਹਵਾਲੇ ਤੋਂ ਬਿਨਾਂ ਨਹੀਂ ਲਿਖੀ ਜਾਂਦੀ। ਇਹ ਹਵਾਲੇ ਅਖਬਾਰਾਂ ਦੀਆਂ ਖ਼ਬਰਾਂ, ਲੇਖ, ਵੈੱਬਸਾਈਟ, ਮੈਗਜ਼ੀਨ, ਕਿਤਾਬਾਂ ਆਦਿ ਹੁੰਦੇ ਹਨ। ਸਫੇ ਦੇ ਬਿਲਕੁਲ ਹੇਠਾਂ ਸ਼੍ਰੇਣੀਆਂ ਹੁੰਦੀਆਂ ਹਨ ਜਿਨ੍ਹਾਂ ਤੋਂ ਉਸ ਸ਼੍ਰੇਣੀ ਦੇ ਹੋਰ ਲੇਖ ਮਿਲਦੇ ਹਨ। ਜਿਵੇਂ ਗੁਰਦਿਆਲ ਸਿੰਘ ‘ਪੰਜਾਬੀ ਨਾਵਲਕਾਰ’ ਸ਼੍ਰੇਣੀ ਵਿੱਚ ਆਉਂਦਾ ਹੈ। ਇਸ ਸ਼੍ਰੇਣੀ ਵਿੱਚ ਸਾਰੇ ਪੰਜਾਬੀ ਨਾਵਲਕਾਰ ਮਿਲਦੇ ਹਨ। ਉਹ ‘ਭਾਰਤੀ ਲੇਖਕ’ ਸ਼੍ਰੇਣੀ ਵਿੱਚ ਵੀ ਆਉਂਦਾ ਹੈ, ਜਿਸ ਵਿੱਚ ਅਸੀਂ ਹੋਰ ਭਾਰਤੀ ਲੇਖਕਾਂ ਬਾਰੇ ਬਣੇ ਸਫੇ ਦੇਖ ਸਕਦੇ ਹਾਂ। ਉਹ ‘ਪੰਜਾਬੀ ਕਹਾਣੀਕਾਰ’, ‘ਸਾਹਿਤ ਅਕਾਦਮੀ ਇਨਾਮ ਜੇਤੂ’, ‘ਗਿਆਨਪੀਠ’ ਆਦਿ ਸ਼੍ਰੇਣੀਆਂ ਨਾਲ ਵੀ ਖੋਜਿਆ ਜਾ ਸਕਦਾ ਹੈ। ਵਿਕੀਪੀਡੀਆ ਸੰਪਾਦਨ ਲਈ ਹਰ ਕਿਸੇ ਲਈ ਖੁੱਲ੍ਹਾ ਹੈ। ਹਰ ਕੋਈ ਇਸ ’ਤੇ ਦਾਖ਼ਲ (ਲੌਗ-ਇੰਨ) ਹੋ ਕੇ ਜਾਂ ਬਿਨਾਂ ਦਾਖ਼ਲ ਹੋਏ, ਨਵਾਂ ਲੇਖ ਬਣਾ ਸਕਦਾ ਹੈ ਜਾਂ ਪਹਿਲਾਂ ਬਣੇ ਹੋਏ ਲੇਖ ਵਿੱਚ ਵਾਧਾ-ਘਾਟਾ ਕਰ ਸਕਦਾ ਹੈ। ਇਹ ਵੱਖੋ-ਵੱਖ ਭਰੋਸੇਯੋਗ ਸਰੋਤਾਂ ਤੋਂ ਜਾਣਕਾਰੀ ਜਾਂ ਗਿਆਨ ਨੂੰ ਇੱਕ ਥਾਂ ’ਤੇ ਇਕੱਠਾ ਕਰਨ ਦਾ ਕੰਮ ਕਰ ਰਿਹਾ ਹੈ। ਅੱਜ ਜਦੋਂ ਹਰ ਸੰਸਥਾ ਜਾਂ ਕਾਰਪੋਰੇਟ ਗਿਆਨ ਤੇ ਅਧਿਕਾਰ ਕਰਨ, ਹਰ ਨਵੀਂ ਖੋਜ ਕਾਪੀਰਾਈਟ ਤੇ ਪੇਟੈਂਟ ਕਾਨੂੰਨਾਂ ਰਾਹੀਂ ਸੁਰੱਖਿਅਤ ਕਰਨ ਅਤੇ ਉਸ ਦਾ ਵੱਧ ਤੋਂ ਵੱਧ ਮੁੱਲ ਵੱਟਣ ਦੇ ਉਦੇਸ਼ ਹਿੱਤ ਕਾਰਜਸ਼ੀਲ ਹੈ ਤਾਂ ਵਿਕੀਪੀਡੀਆ ਸਾਰੀ ਸਮੱਗਰੀ ਨੂੰ ਦੇਖਣ, ਸੋਧਣ ਤੇ ਵਰਤਣ ਦੀ ਖੁੱਲ੍ਹੀ ਪਹੁੰਚ ਦੇ ਕੇ ਸਭ ਲਈ ਗਿਆਨ ਦੇ ਬੂਹੇ ਖੋਲ੍ਹ ਰਿਹਾ ਹੈ। ਇਸ ਦਾ ਦਰਸ਼ਨ ਹੈ ਕਿ ਧਰਤੀ ਦਾ ਹਰ ਮਨੁੱਖ ਕਿਸੇ ਨਾ ਕਿਸੇ ਚੀਜ਼/ਵਿਸ਼ੇ ਬਾਰੇ ਖਾਸ ਗਿਆਨ ਰੱਖਦਾ ਹੈ, ਜਿਹੜਾ ਦੂਜਿਆਂ ਕੋਲ ਨਹੀਂ ਹੈ ਜਾਂ ਉਹ ਜਾਣਕਾਰੀ ਇਕੱਠੀ ਕਰਨ ਵਿੱਚ ਸਹਾਈ ਹੋ ਸਕਦਾ ਹੈ। ਹਰ ਕੋਈ, ਚਾਹੇ ਉਸ ਨੇ ਕੋਈ ਯੋਗਦਾਨ ਕੀਤਾ ਹੈ ਜਾਂ ਨਹੀਂ; ਇਕੱਠੀ ਕੀਤੀ ਜਾਣਕਾਰੀ ਦੇ ਪੂਰੇ ਦੇ ਪੂਰੇ ਜਾਂ ਕਿਸੇ ਖਾਸ ਹਿੱਸੇ ਨੂੰ ਆਪਣੇ ਨਿੱਜੀ, ਵਪਾਰਕ, ਵਿੱਦਿਅਕ ਜਾਂ ਕੋਈ ਵੀ ਹੋਰ ਲਾਭ ਕਮਾਉਣ ਲਈ ਵਰਤ ਸਕਦਾ ਹੈ। ਉਹ ਭਾਸ਼ਾ ਸਭ ਤੋਂ ਅਮੀਰ ਹੁੰਦੀ ਹੈ ਜਿਹੜੀ ਵਿਰਸੇ ਤੋਂ ਵਰਤਮਾਨ ਤਕ ਮਨੁੱਖੀ ਵਲਵਲਿਆਂ ਅਤੇ ਉੱਨਤ ਤਕਨੀਕੀ ਸ਼ਬਦਾਵਲੀ ਨੂੰ ਆਪਣੇ ਵਿੱਚ ਸਮਾਉਣ ਦੀ ਸਮਰੱਥਾ ਰੱਖਦੀ ਹੋਵੇ ਤੇ ਉਸ ਵਿੱਚ ਵਿਸ਼ਾ ਸਮੱਗਰੀ ਹੋਵੇ। ਭਾਸ਼ਾਵਾਂ ਦਾ ਉੱਨਤ ਹੋਣਾ ਜਾਂ ਪਛੜਾਪਣ, ਸਮੱਗਰੀ ਦੀ ਮਾਤਰਾ ਦੀ ਭਿੰਨਤਾ ਤੇ ਨਿਰਭਰ ਕਰਦਾ ਹੈ। ਹਰ ਭਾਸ਼ਾ ਵਿੱਚ ਨਵੇਂ ਉੱਨਤ ਗਿਆਨ ਨੂੰ ਜਜ਼ਬ ਕਰਨ ਤੇ ਪ੍ਰਗਟ ਕਰਨ ਦੀ ਸਮਰੱਥਾ ਹੁੰਦੀ ਹੈ। ਗਿਆਨ ਦੀ ਸੰਭਾਲ ਵਿੱਚ ਲੱਗੇ ਲੋਕਾਂ ਦੀ ਮਦਦ ਨਾਲ ਜਿਸ ਭਾਸ਼ਾ ਵਿੱਚ ਸਭ ਵਿਸ਼ਿਆਂ ਦੀ ਸ਼ਬਦਾਵਲੀ ਦੇ ਨਾਲ-ਨਾਲ ਵਿਸ਼ਿਆਂ ਦੀ ਸਮੱਗਰੀ ਵਿਕਸਤ ਹੁੰਦੀ ਰਹੇ, ਉਹ ਭਾਸ਼ਾ ਦੂਜੀਆਂ ਤੋਂ ਅੱਗੇ ਲੰਘ ਜਾਂਦੀ ਹੈ। ਵਿਕੀਪੀਡੀਆ ਹਰ ਭਾਸ਼ਾ ਦੇ, ਹਰ ਵਿਸ਼ੇ ਨਾਲ ਸਬੰਧਤ ਮਾਹਿਰਾਂ, ਵਿਦਿਆਰਥੀਆਂ ਤੇ ਸਮੂਹ ਲੋਕਾਂ ਨੂੰ ਇਹ ਮੌਕਾ ਦਿੰਦਾ ਹੈ ਕਿ ਉਹ ਆਪਣੀ ਭਾਸ਼ਾ ਵਿੱਚ ਖਿੱਲਰੀ ਹੋਈ ਸਮੱਗਰੀ ਨੂੰ ਇਕੱਠਾ ਕਰ ਸਕਣ ਅਤੇ ਦੂਜੀਆਂ ਭਾਸ਼ਾਵਾਂ ਤੋਂ ਅਨੁਵਾਦ ਰਾਹੀਂ ਹਰ ਖੇਤਰ ਦਾ ਗਿਆਨ ਆਪਣੀ ਭਾਸ਼ਾ ਵਿੱਚ ਲੈ ਆਉਣ। ਵਿਕੀਪੀਡੀਆ ਦਾ ਅਨੁਵਾਦ ਸਾਫਟਵੇਅਰ ਅਨੁਵਾਦ ਨੂੰ ਬਹੁਤ ਆਸਾਨ ਬਣਾ ਦਿੰਦਾ ਹੈ।

ਮੁਲਖ ਸਿੰਘ

ਵਿਕੀਪੀਡੀਆ ’ਤੇ ਸਮੱਗਰੀ ਲਿਖਣ ਦਾ ਹੋਰ ਪੱਖ ਇਸ ਦਾ ਨਿਰਪੱਖ ਨਜ਼ਰੀਆ ਹੈ। ਕਿਸੇ ਵੀ ਲੇਖ ਨੂੰ ਜਾਣਕਾਰੀ ਦੇਣ ਦੇ ਉਦੇਸ਼ ਨਾਲ ਨਿਰਪੱਖ ਨਜ਼ਰੀਏ ਨਾਲ ਲਿਖਿਆ ਜਾਂਦਾ ਹੈ। ਵਿਰੋਧੀ ਵਿਚਾਰਾਂ, ਤੱਥਾਂ ਨੂੰ ਮਿਟਾਇਆ ਨਹੀਂ ਜਾਂਦਾ ਸਗੋਂ ਪੂਰੀ ਥਾਂ ਦਿੱਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਵਿਕੀਪੀਡੀਆ ’ਤੇ ਲਗਾਤਾਰ ਕੰਮ ਕਰਨ ਵਾਲੇ ਲੋਕ ਇੱਕੀਵੀਂ ਸਦੀ ਦੇ ਉਹਨਾਂ ਆਦਰਸ਼ ਨਾਗਰਿਕਾਂ ਦੀ ਝਲਕ ਹਨ ਜੋ ਤਮਾਮ ਅਸਹਿਮਤੀਆਂ ਦੇ ਬਾਵਜੂਦ ਸਹਿਯੋਗ ਕਰ ਸਕਦੇ ਹਨ। ਵਿਕੀਪੀਡੀਆ ’ਤੇ ਕੰਮ ਕਰਨਾ ਸਿਰਫ਼ ਆਪਣੀ ਜ਼ੁਬਾਨ ਦੀ ਸੇਵਾ ਕਰਨਾ ਹੀ ਨਹੀਂ ਹੈ। ਇਸ ’ਤੇ ਕੰਮ ਕਰਨ ਵਾਲਾ (ਵਿਕੀਪੀਡੀਆ ਦੀ ਭਾਸ਼ਾ ਵਿੱਚ ਵਰਤੋਂਕਾਰ) ਨਿੱਤ ਦਿਨ ਸੰਪਾਦਨਾ ਕਰਨ ਨਾਲ ਖੁਦ ਵੀ ਸਮਰੱਥਾ ਹਾਸਲ ਕਰਦਾ ਹੈ। ਇਹ ਸਮਰੱਥਾ ਅਨੁਵਾਦਕ, ਸੰਪਾਦਕ, ਟਾਈਪਿਸਟ, ਪਰੂਫ ਰੀਡਰ, ਲੇਖਕ ਤੇ ਪਾਠਕ ਦੇ ਤੌਰ ’ਤੇ ਹੁੰਦੀ ਹੈ। ਮੁੱਖ ਤੌਰ ’ਤੇ ਵਰਤੋਂਕਾਰ ਕੰਪਿਊਟਰ ਜਾਂ ਮੋਬਾਈਲ ’ਤੇ ਸੰਪਾਦਨ ਤਕਨੀਕ ਸਿਖਦਾ ਹੈ। ਨਵੇਂ ਸੰਪਾਦਕਾਂ ਨੂੰ ਸਿਖਾਉਣ ਲਈ ਵਿਕੀਪੀਡੀਆ ’ਤੇ ਉਸ ਭਾਸ਼ਾ ਵਿੱਚ ਕੰਮ ਕਰ ਰਹੇ ਵਰਤੋਂਕਾਰਾਂ (ਸੰਪਾਦਕਾਂ) ਦਾ ਸਮੂਹ (ਭਾਈਚਾਰਾ) ਮੌਜੂਦ ਹੁੰਦਾ ਹੈ, ਜੋ ਸੰਪਾਦਨਾ ਵਿੱਚ ਆਉਂਦੀ ਛੋਟੀ-ਵੱਡੀ ਸਮੱਸਿਆ ਹੱਲ ਕਰਦਾ ਹੈ ਤੇ ਨਵੇਂ ਸੰਪਾਦਕਾਂ ਦੁਆਰਾ ਸਿੱਖਣ ਦੌਰਾਨ ਕੀਤੀਆਂ ਗ਼ਲਤੀਆਂ ਵੀ ਠੀਕ ਕਰਦਾ ਹੈ। ਡੈਸਕਟਾਪ ਦਿੱਖ ਵਿੱਚ ਸੋਧੋ ਅਤੇ ਮੋਬਾਈਲ ਦਿੱਖ ਵਿੱਚ ਪੈਨ ਦੇ ਨਿਸ਼ਾਨ ਨੂੰ ਕਲਿੱਕ ਕਰ ਕੇ ਐਡਿਟ ਰੂਪ ਸਾਡੇ ਸਾਹਮਣੇ ਖੁੱਲ੍ਹ ਜਾਂਦਾ ਹੈ। ਸ਼ੁਰੂ ਵਿੱਚ ਸਿਖਿਆਰਥੀ ਵੱਖ-ਵੱਖ ਸਫਿਆਂ ਨੂੰ ਖੋਲ੍ਹ ਕੇ ਸ਼ਬਦਾਂ ਅਤੇ ਵਿਆਕਰਨ ਦੀਆਂ ਗ਼ਲਤੀਆਂ ਠੀਕ ਕਰਨ ਦਾ ਕੰਮ ਕਰ ਸਕਦੇ ਹਨ। ਉਸ ਤੋਂ ਬਾਅਦ ਉਹ ਹੋਰ ਤਰ੍ਹਾਂ ਦੀਆਂ ਸੋਧਾਂ ਕਰਨ ਅਤੇ ਨਵੇਂ ਲੇਖ ਬਣਾਉਣ ਦੇ ਸਮਰੱਥ ਹੋ ਜਾਂਦੇ ਹਨ। ਸੋਧ ਕਰਨ ਤੋਂ ਬਾਅਦ ਅਗਲਾ ਕਦਮ ਉਸ ਨੂੰ ਪ੍ਰਕਾਸ਼ਤ ਕਰਨਾ ਹੁੰਦਾ ਹੈ। ਵਿਕੀਪੀਡੀਆ ਲੇਖ ਲਿਖਣ ਦੀ ਇੱਕ ਖਾਸ ਪੱਧਤੀ ਹੈ, ਜੋ ਇਨ੍ਹਾਂ ਨੂੰ ਅਖ਼ਬਾਰੀ ਲੇਖਾਂ ਤੋਂ ਵੱਖਰਾ ਕਰਦੀ ਹੈ, ਇਸ ਦੀ ਸਮਝ ਸੰਪਾਦਨ ਕਰਨ ਵੇਲੇ ਆਉਣ ਲਗਦੀ ਹੈ। ਇਹ ਗੱਲ ਨੋਟ ਕੀਤੀ ਗਈ ਹੈ ਕਿ ਵਿਕੀਪੀਡੀਆ ਦੇ ਸਫਿਆਂ ਵਿੱਚ ਲੇਖ ਅਧੂਰੇ ਹੁੰਦੇ ਹਨ ਜਾਂ ਕਦੇ-ਕਦੇ ਤੱਥਾਂ ਦੀਆਂ ਵੱਡੀਆਂ ਗ਼ਲਤੀਆਂ ਵੀ ਮਿਲਦੀਆਂ ਹਨ। ਜਦ ਇਸ ਤਰ੍ਹਾਂ ਦੀ ਕੋਈ ਊਣਤਾਈ ਨਜ਼ਰ ਆਵੇ ਤਾਂ ਵਿਕੀਪੀਡੀਆ ਪਾਠਕਾਂ ਤੋਂ ਇਹ ਉਮੀਦ ਕਰਦਾ ਹੈ ਕਿ ਉਹ ਅਜਿਹੀ ਕਮੀ ਨੂੰ ਸੋਧ ਕੇ ਦੂਰ ਕਰ ਦੇਣਗੇ, ਜੋ ਕਿ ਬਿਲਕੁਲ ਆਸਾਨ ਕੰਮ ਹੈ। ਸ਼ੁਰੂਆਤ ਵਿੱਚ ਕੁਝ ਗ਼ਲਤੀਆਂ ਜਿਹੜੇ ਬਹੁਤੇ ਵਰਤੋਂਕਾਰ ਕਰਦੇ ਹਨ, ਉਹ ਹਨ- ਆਪਣੇ ਬਾਰੇ ਹੀ ਲੇਖ ਬਣਾਉਣਾ ਜਾਂ ਕਿਸੇ ਇੱਕ ਲੇਖ ’ਤੇ ਹੀ ਸੋਧਾਂ ਕਰਦੇ ਰਹਿਣਾ; ਇਹ ਨਾ ਕੀਤੀਆਂ ਜਾਣ ਤਾਂ ਵੱਖ ਵੱਖ ਸਫਿਆਂ ’ਤੇ ਥੋੜ੍ਹਾ-ਥੋੜ੍ਹਾ ਕੰਮ ਕਰਕੇ ਵਿਕੀਪੀਡੀਆ ਸੰਪਾਦਨ ਤਕਨੀਕ ਬਹੁਤ ਆਸਾਨੀ ਨਾਲ ਸਿੱਖੀ ਜਾ ਸਕਦੀ ਹੈ। ਵਿਕੀਪੀਡੀਆ ਉੱਤੇ ਦੁਨੀਆ ਭਰ ਦੇ ਵਿਸ਼ਿਆਂ ’ਤੇ ਕੰਮ ਕਰਨ, ਸਿੱਖਣ-ਸਿਖਾਉਣ ਦੀ ਅਥਾਹ ਸੰਭਾਵਨਾ ਮੌਜੂਦ ਹੈ। ਸੰਪਰਕ: 9416255877

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮਾਂ-ਬੋਲੀ ਬਾਰੇ ਸੋਚਣ ਦਾ ਵੇਲਾ

ਮਾਂ-ਬੋਲੀ ਬਾਰੇ ਸੋਚਣ ਦਾ ਵੇਲਾ

ਜਸੂਸੀ ਗੁਬਾਰੇ: ਸਿਆਸੀ ਸੁਨੇਹੇ

ਜਸੂਸੀ ਗੁਬਾਰੇ: ਸਿਆਸੀ ਸੁਨੇਹੇ

ਪੰਜਾਬ ’ਚ ਖੇਤੀ ਆਧਾਰਿਤ ਸਨਅਤੀਕਰਨ

ਪੰਜਾਬ ’ਚ ਖੇਤੀ ਆਧਾਰਿਤ ਸਨਅਤੀਕਰਨ

ਸਿਖਰ ਸੰਮੇਲਨਾਂ ਦੀ ਮੇਜ਼ਬਾਨੀ ਅਤੇ ਭਾਰਤ

ਸਿਖਰ ਸੰਮੇਲਨਾਂ ਦੀ ਮੇਜ਼ਬਾਨੀ ਅਤੇ ਭਾਰਤ

ਲਗਾਤਾਰ ਵਧ ਰਹੇ ਤੌਖ਼ਲੇ

ਲਗਾਤਾਰ ਵਧ ਰਹੇ ਤੌਖ਼ਲੇ

ਕੇਂਦਰੀ ਬਜਟ 2023-24 ਦਾ ਲੇਖਾ-ਜੋਖਾ

ਕੇਂਦਰੀ ਬਜਟ 2023-24 ਦਾ ਲੇਖਾ-ਜੋਖਾ

ਕੇਂਦਰੀ ਬਜਟ ਵਿਚ ਕਿਸਾਨ ਅਣਡਿੱਠ

ਕੇਂਦਰੀ ਬਜਟ ਵਿਚ ਕਿਸਾਨ ਅਣਡਿੱਠ

ਕੰਧ ਓਹਲੇ ਪਰਦੇਸ

ਕੰਧ ਓਹਲੇ ਪਰਦੇਸ

ਸ਼ਹਿਰ

View All